INTRODUCTION

ARTICLES

NEWS LETTER

VIDEO

AUDIO

PARCHAR CENTRES

GURMAT CAMP

GURBANI MOBILE

BANJARA GROUP

COURSES

DHARMIK TEACHING

GURMAT GIAN GRUOP

DOWNLOAD

 PUBLICATIONS

 ਸਿੱਖੀ ਤੇ ਹਮਲਾ  (ਭਾਗ -5) 

                                                 (ਪ੍ਰੋ. ਸੁਖਵਿੰਦਰ ਸਿੰਘ 'ਦਦੇਹਰ')
ਨੋਟ:- 1.ਦੇਹ ਪੂਜਾ ਮੂਰਤੀ ਪੂਜਾ, 2.ਡੇਰਾਵਾਦ, 3.ਪਖੰਡ ਵਹਿਮ ਭਰਮ, 4ਗੁਲਾਮੀ, 5.ਗੁਰਬਾਣੀ ਦਾ ਨਿਰਾਦਰ, 6.ਦਸਮ ਗ੍ਰੰਥ 7.ਇਤਿਹਾਸਿਕ ਮਿਲਾਵਟ, 8.ਭਰੂਣ ਹੱਤਿਆ ਦੇ ਦੋਸ਼ੀ, 9.ਨਸ਼ਿਆਂ ਰਾਹੀਂ ਨੌਜਵਾਨ ਪੀੜੀ ਦੀ ਤਬਾਹੀ, 10.ਜਾਤਿ ਪਾਤਿ ਦੇ ਹਾਮੀ, 11.ਮੜੀਆਂ ਦੀ ਪੂਜਾ ਵਧਾਈ, 12.ਸਾਰੀਆਂ ਪੰਥਕ ਸਮੱਸਿਆਵਾਂ ਦਾ ਹੱਲ ।
5.ਗੁਰਬਾਣੀ ਦਾ ਨਿਰਾਦਰ:- ਗੁਰਬਾਣੀ ਦੀ ਵੀਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਹੋਣਾ ਚਾਹੀਦਾ ਹੈ।ਸਮਾਜ ਸਿਰਜਣਾ ਗੁਰਬਾਣੀ ਦੀ ਸੇਧ ਵਿੱਚ ਹੋਣੀ ਚਾਹੀਦੀ ਹੈ।ਗੁਰਮਤਿ ਮੁਤਾਬਿਕ ਸਮਾਜ ਸਿਰਜਣਾ ਹੋਵੇ ਤਾਂ ਗੁਰਬਾਣੀ ਵਿੱਚਲੇ ਗੁਣ ਜੀਵਨ ਵਿੱਚ ਅਪਨਾਉਣੇ ਪੈਣਗੇ।ਗੁਣ ਅਪਣਾਉਣ ਲਈ ਪੜਨਾ ਤੇ ਵੀਚਾਰਨਾ ਜਰੂਰੀ ਹੈ ਕਿਉਂਕਿ ਪੜਨ ਵੀਚਾਰਨ ਤੋਂ ਬਿਨਾਂ ਕੀ ਅਪਣਾਵਾਂਗੇ।ਗੁਰਬਾਣੀ ਦੇ ਰਟਨ ਦੀ ਥਾਂ ਗੁਰਬਾਣੀ ਨੂੰ ਸਮਝਣਾ ਬਹੁਤ ਜਰੂਰੀ ਹੈ।ਸਮਝਣ ਸਮਝਾਉਣ ਦੇ ਉਪਰਾਲੇ ਤੇਜ ਹੋਣੇ ਚਾਹੀਦੇ ਹਨ।ਅੱਜ ਗੁਰਬਾਣੀ ਗੁਰਸਿੱਖ ਆਪ ਪੜਨ ਦੀ ਥਾਂ ਮੁੱਲ ਪੜਵਾ ਰਹੇ ਹਨ।ਕੋਲ ਬੈਠ ਇੱਕ ਵੀ ਅੱਖਰ ਨਹੀਂ ਸੁਣਿਆਂ, ਨਹੀਂ ਕਿਸੇ ਗੱਲ ਵੱਲ ਧਿਆਨ ਦਿਤਾ, ਤੇ ਪਾਠ ਦੇ ਮਹਾਤਮ ਦਾ ਭਰੋਸਾ ਦਿਤਾ ਜਾ ਰਿਹਾ, ਕਿਸ ਅਧਾਰ ਤੇ ਇੰਨਾ ਵੱਡਾ ਧੋਖਾ ਦਿਤਾ ਜਾ ਰਿਹਾ, ਕੋਈ ਜਵਾਬ ਨਹੀਂ।ਮਰ ਜਾਏ ਰਖਾਉ ਅਖੰਡ ਪਾਠ, ਜੰਮ ਪਵੇ ਰਖਾਉ ਅਖੰਡ ਪਾਠ,ਇੰਜ ਹੋ ਜਾਏ ਰਖਾਉ ਅਖੰਡ ਪਾਠ,ਵਿਧੀਆਂ ਵਾਲੇ ਅਖੰਡ ਪਾਠ,ਸੰਪਟ ਅਖੰਡ ਪਾਠ,ਦੋਹਰਾ ਸੰਪਟ ਅਖੰਡ ਪਾਠ, ਇਹ ਗੁਰਬਾਣੀ ਦਾ ਘੋਰ ਨਿਰਾਦਰ ਨਹੀਂ ਤਾਂ ਹੋਰ ਕੀ ਹੈ ।ਲੱਖਾਂ ਅਖੰਡ ਪਾਠ ਹੋ ਚੁੱਕੇ ਹਨ ਤੇ ਹੋ ਰਹੇ ਹਨ ਕਿਸੇ ਇਕ ਵੀ ਸਿੱਖ ਨੂੰ ਕੋਈ ਇੱਕ ਵੀ ਸ਼ਬਦ ਤੁੱਕ ਦੀ ਸਮਝ ਅਖੰਡ ਪਾਠ ਕਰ ਕਰਵਾ ਕੇ ਆਈ ਹੋਵੇ,ਬਿਲਕੁਲ ਵੀ ਨਹੀਂ।ਜਿਸ ਨੂੰ ਵੀ ਸਮਝ ਆਈ ਹੈ ਉਸ ਨੂੰ ਆਪ ਪੜਿਆਂ ਸਮਝਿਆਂ ਜਤਨ ਕੀਤਿਆਂ ਹੀ ਸਮਝ ਆਈ ਹੈ।ਗੁਰਬਾਣੀ ਦੇ ਅਰਥ ਕੌਣ ਕਰ ਸਕਦਾ ਹੈ ਇਹ ਗੱਲ ਸਾਧਾਂ ਨੇ ਲੋਕਾਂ ਦੇ ਖੂੁਨ ਵਿੱਚ ਪਾ ਦਿਤੀ ਹੈ, ਜੋ ਨਿਰਾ ਝੂਠ ਹੈ, ਕਿਉਂਕਿ ਗੁਰਬਾਣੀ ਤਾਂ ਸਮਝ ਆਉਂਦੀ ਹੈ ਜੇ ਕੋਈ ਪੜੇ ਤੇ ਸਮਝੇ।ਇਕ ਹੋਰ ਗੱਲ ਇਹ ਸਾਧ ਬਾਬੇ ਗੁਰਬਾਣੀ ਦੀ ਤੋੜ ਮਰੋੜ ਤਾਂ ਕਰ ਸਕਦੇ ਹਨ ਧਾਰਨਾ ਬਣਾ ਬਣਾ ਕੇ, ਪਰ ਗੁਰਬਾਣੀ ਸਮਝਣ ਸਮਝਾਉਣ ਲਈ ਕੋਈ ਉਪਰਾਲਾ ਨਹੀਂ ਕਰਦੇ ।ਅਸੀਂ ਜੀ ਧਾਰਨਾ ਇਸ ਕਰਕੇ ਲਾਉਂਦੇ ਹਾਂ ਤਾਂ ਕਿ ਲੋਕਾਂ ਨੂੰ ਸੌਖੀ ਸਮਝ ਵਿੱਚ ਆਵੇ।ਮੋਟੀ ਜਿਹੀ ਮਿਸਾਲ ਹੈ ਸਕੂਲਾਂ ਵਿੱਚ ਪੜਦੇ ਵਿੱਦਿਆਰਥੀ ਸਾਰੇ ਇੱਕ ਪੱਧਰ ਦੇ ਨਹੀਂ ਹੁੰਦੇ।ਜੇ ਵਿਦਿਆਰਥੀਆਂ ਨੂੰ ਸਬਕ ਸਮਝ ਨਹੀਂ ਆਉਂਦਾ ਤਾਂ ਸਲੇਬਸ ਨਹੀਂ ਬਦਲਿਆ ਜਾਂਦਾ, ਸਗੋਂ ਵਿਦਿਆਰਥੀ ਦਾ ਪੱਧਰ ਹੀ ਉੱਚਾ ਚੁੱਕਣ ਦਾ ਜਤਨ ਕੀਤਾ ਜਾਂਦਾ ਹੈ।ਪਰ ਇਹ ਭਰਮਗਿਆਨੀ ਤੇ ਇਹਨਾਂ ਦੇ ਪਿਛਲੱਗ ਵੇਖੋ ਕਿਹੜੀ ਚਾਲ ਚੱਲ ਰਹੇ ਹਨ ਕਿ ਬਾਣੀ ਔਖੀ ਹੈ ਅਸੀਂ ਤਾਂ ਸੌਖੀ ਕਰਕੇ ਸਮਝਾਉਂਦੇ ਹਾਂ,ਜਾਨੀ ਬਾਣੀ ਬਦਲਣ ਲਈ ਰਾਹ ਬਣਾ ਰਹੇ ਹਨ, ਵੈਸੇ ਕਾਫੀ ਹੱਦ ਤੱਕ ਬਣਾ ਵੀ ਚੁੱਕੇ ਹਨ।ਪਹਿਲਾਂ ਭਨਿਆਰੇ ਵਾਲੇ ਸਾਧ ਦੀਆਂ ਕੱਚ ਘਰੜ ਲਿਖੀਆਂ ਜਬਲੀਆਂ ਦਾ ਗ੍ਰੰਥ ਅਜੇ ਗਲੋਂ ਲਥ ਨਹੀ ਰਿਹਾ ।ਇਹਨਾਂ ਦੀਆਂ ਇਹ ਧਾਰਨਾ ਵੀ ਇਹਨਾਂ ਦੀਆਂ ਜੀਵਨੀਆਂ ਵਿੱਚ ਸਾਂਭੀਆਂ ਜਾ ਰਹੀਆਂ ਹਨ ਆਉਣ ਵਾਲੇ ਸਮੇਂ ਅੰਦਰ ਕੌਮੀ ਬੇੜਾ ਗਰਕ ਕਰਨ ਲਈ ਕਿਸੇ ਵੀ ਸਮੇਂ ਗ੍ਰੰਥ ਰੂਪ ਵਿੱਚ ਸਾਹਮਣੇ ਆ ਜਾਣਗੀਆਂ।ਜਿਵੇਂ ਭਨਿਆਰੇ ਵਾਲੇ ਦੇ ਚੇਲੇ ਗੁਰਬਾਣੀ ਛੱਡ ਕੇ ਲਗ ਪਏ ਸੀ ਉਸੇ ਕੱਚ ਘਰੜ ਦਾ ਅਖੰਡ ਪਾਠ ਕਰਵਾਉਣ ਤੇ ਹੁਣ ਤੱਕ ਇਹ ਅਜੇ ਦੁਖਾਂਤ ਸੂਤ ਨਹੀਂ ਆਇਆ,ਇਹ ਵੀ ਇਹੀ ਕੁਝ ਹੋਏਗਾ ਜੇ ਅਸੀਂ ਨਾ ਸਮਝੇ ।ਨਿਰੰਕਾਰੀ ਇਹੀ ਕੁਝ ਕਰ ਚੁਕੇ ਹਨ, ਰਾਧਾ ਸੁਆਮੀ ਕਰ ਚੁੱਕੇ ਹਨ,ਸਰਸੇ ਵਾਲਾ ਕਰ ਚੁੱਕਾ ਹੈ,ਢੇਸੀਆਂ ਵਾਲੇ ਕਰ ਚੁੱਕੇ ਹਨ ਹੋਰ ਬਥੇਰੇ ਤਿਆਰ ਹਨ ਲੇਰਾਂ ਵਾਲੇ,ਮੜੀਆਂ ਵਾਲੇ ਰੇੜੇ ਵਾਲੇ ਗੇੜੇ ਵਾਲੇ,ਢੇਸੀਆਂ ਵਾਲੇ ਖੇਸੀਆਂ ਵਾਲੇ,ਜੰਡ ਵਾਲੇ ਪੰਡ ਵਾਲੇ,ਕੜਿਆਂ ਵਾਲੇ ਛੜਿਆਂ ਵਾਲੇ…ਆਦਿ ਆਦਿ।
ਹੋਰ ਧਿਆਨ ਨਾਲ ਦੇਖੋਗੇ ਤਾਂ ਚੰਗੀ ਤਰਾਂ ਪਤਾ ਲਗਦਾ ਹੈ ਕਿ ਅਸਲੀਅਤ ਤਾਂ ਇਹ ਹੈ ਲੋਕਾਂ ਦੇ ਮਨਾ ਵਿੱਚੋਂ ਚੰਗੀ ਤਰਾਂ ਕੱਢ ਦਿਉ ਗੁਰਬਾਣੀ ,ਉਸ ਵਿੱਚ ਸਫਲਤਾ ਇਹਨਾਂ ਲੋਕਾਂ ਨੇ ਬਹੁਤ ਹਾਸਲ ਕੀਤੀ ਹੈ ।ਗੁਰੁ ਨਾਨਕ ਸਾਹਿਬ ਜੀ ਤੋਂ ਹੀ ਇਹ ਇਸ ਸੋਚ ਨਾਲ ਤੁਰ ਪਏ ਸੀ ਕਿ ਜਿਵੇਂ ਕਿਵੇਂ ਇਹ ਇਨਕਲਾਬੀ ਲਹਿਰ ਇਨਕਲਾਬੀ ਰਹਿਣੀ ਨਹੀਂ ਚਾਹੀਦੀ, ਸੋ ਨਹੀਂ ਰਹਿਣ ਦਿਤੀ ।ਗੁਰਬਾਣੀ ਆਪ ਪੜਨ ਮੰਨਣ ਦੀ ਜਗਾ ਜੀਵਨ ਜਾਚ ਬਣਨ ਦੀ ਥਾਂ ਪੂਜਾ ਤੇ ਕੇਵਲ ਰਸਮਾਂ ਪੂਰੀਆਂ ਕਰਨ ਲਈ ਹੀ ਅੱਜ ਵਰਤੀ ਜਾ ਰਹੀ ਹੈ ।ਜਦੋਂ ਕਿ ਗੁਰਬਾਣੀ ਰਸਮਾਂ ਪੂਰੀਆਂ ਕਰਨ ਲਈ ਨਹੀਂ ਹੈ ,ਪੂਜਾ ਲਈ ਨਹੀਂ ਹੈ, ਜੇ ਅੱਜ ਇਹ ਹਾਲਤ ਨਜ਼ਰ ਪੈਂਦੀ ਹੈ ਤੇ ਇਸ ਦੇ ਜ਼ਿੰਮੇਵਾਰ ਇਹ ਸਾਧ ਬਾਬੇ ਹੀ ਹਨ, ਜਿਨਾਂ ਨੇ ਲੋਕਾਂ ਦਾ ਇਲਾਜ ਆਪਣੇ ਕੋਲ ਰਾਖਵਾਂ ਕਰ ਲਿਆ, ਤੇ ਗੁਰਬਾਣੀ ਤਾਂ ਕੇਵਲ ਸੁੱਖਣਾ ਪੂਰੀਆਂ ਹੋ ਜਾਣ ਤੇ ਇੱਕ ਰਸਮ ਹੀ ਪੂਰੀ ਕਰਨ ਲਈ ਬਣਾ ਦਿਤੀ ।ਲੜਕਾ ਪੈਦਾ ਹੋਣਾ ਜਾਂ ਹੋਰ ਸੁੱਖ ਸ਼ਾਤੀ ਦੀਆਂ ਦਾਤਾਂ ਤਾਂ ਸਾਧ ਬਖਸ਼ਦੇ ਹਨ ਇਹ ਕ੍ਰਿਪਾ ਤਾਂ ਇਹਨਾਂ ਦੀ ਹੈ, ਬਾਣੀ ਤਾਂ ਕੇਵਲ ਹੁਣ ਸਾਧ ਬਾਬੇ ਦੀ ਜੈ ਹੋਰ ਲੋਕਾਂ ਵਿੱਚ ਕਰਨ ਲਈ ਇੱਕ ਰਸਮ ਹੀ ਬਣ ਗਈ ਹੈ ।ਸਾਡੇ ਸਿੱਖ ਪਰਿਵਾਰ ਆਮ ਲੋਕਾਂ ਵਿੱਚ ਇਹੀ ਗੱਲਾਂ ਕਰਦੇ ਸੁਣੇ ਜਾ ਸਕਦੇ ਹਨ “ਬਾਬਾ ਜੀ ਹੋਣਾ ਨੇ ਹੁਕਮ ਕੀਤਾ ਸੀ ਅਖੰਡ ਪਾਠ ਘਰੇ ਕਰਵਾਉ ਤੇ ਅਸੀਂ ਸੋਚਿਆ ਬਾਬਾ ਜੀ ਦਾ ਬਚਨ ਹੋਇਆ ਚਲੋ ਕਰਵਾ ਹੀ ਛੱਡਦੇ ਹਾਂ ”।ਹੁਣ ਦੇਖੋ ਸਿੱਖਾਂ ਨੇ ਸਿੱਖਿਆ ਕਿਸ ਦੀ ਕਮਾਈ ਹੈ ਬਾਬੇ ਦੀ ਜਾਂ ਗੁਰੁ ਸਾਹਿਬ ਜੀ ਦੀ ,ਕਿਉਂਕਿ ਗੁਰੁ ਸਾਹਿਬ ਜੀ ਤਾਂ ਪਹਿਲਾਂ ਹੀ ਕਹਿ ਗਏ ਕਿ ਗੁਰਬਾਣੀ ਹੀ ਗੁਰੂੁ ਹੈ ਇਹੀ ਪੜਨੀ ਇਥੋਂ ਹੀ ਸੇਧ ਲੈਣੀ ਜੀਵਨ ਦਾ ਸੁੰਦਰ ਖਜ਼ਾਨਾ ਹਮੇਸ਼ਾਂ ਸੰਭਾਲ ਕੇ ਰਖਣਾ, ਇਸ ਤੋਂ ਬਿਨਾ ਗੁਜ਼ਾਰਾ ਨਹੀਂ ਹੋਏਗਾ “ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ।” ਸੋ ਇਨਕਲਾਬ ਤਾਂ ਇਹਨਾਂ ਲੋਕਾਂ ਨੇ ਸਮਾਜ ਵਿੱਚੋਂ ਖਤਮ ਕਰ ਦਿਤਾ ।ਇਤਿਹਾਸ ਪੜਿਆਂ ਪਤਾ ਲਗਦਾ ਹੈ ਗੁਰੁ ਸਾਹਿਬ ਜੀ ਨੂੰ ਅਵਤਾਰਵਾਦ ਦੇਵੀ ਦੇਵਤਿਆਂ ਤੇ ਵੇਦਾਂ ਸ਼ਾਸ਼ਤਰਾਂ ਦੀ ਦੀ ਤਰਜ ਤੇ ਲਿਆਉਣਾ ਸੀ ਉਹ ਲਈ ਆਉਂਦੇ ਹਨ। ਕਸੂਰਵਾਰ ਅਸੀਂ ਵੀ ਸਾਰੇ ਹਾਂ ਜੋ ਗੁਰੁ ਸਾਹਿਬ ਜੀ ਨਾਲ ਧ੍ਰੋਹ ਕਮਾਉਣ ਵਾਲਿਆਂ ਦੀ ਮੁੱਠੀ ਚਾਪੀ ਕਰੀ ਜਾਂਦੇ ਹਾਂ,ਪਰ ਗੁਰਬਾਣੀ ਨੂੰ ਸਮਝਣ ਦਾ ਜਤਨ ਹੀ ਨਹੀਂ ਕਰ ਰਹੇ। ਗੁਰੂ ਗੰ੍ਰਥ ਸਾਹਿਬ ਜੀ ਖੋਹਣ ਦੀ ਹੀ ਸਾਰੀ ਮੁਹਿੰਮ ਹੈ ।ਕਦੀ ਦਸਮ ਗ੍ਰੰਥ ਬਰਾਬਰ, ਕਦੀ ਆਪੇ ਬਣਾਈਆਂ ਧਾਰਨਾ ਬਰਾਬਰ, ਕਦੀ ਗੁਰੁ ਤੋਂ ਵੀ ਸਾਧ ਉੱਚੇ ਨਜ਼ਰ ਆਉਂਦੇ ਹਨ ।ਗੁਰਬਾਣੀ ਦਾ ਜਿਨਾਂ ਨਿਰਾਦਰ, ਆਦਰ ਦੇ ਨਾਂ ਤੇ ਇਹਨਾਂ ਸਾਧ ਲੋਕਾਂ ਨੇ ਕੀਤਾ ਤੇ ਕਰਵਾਇਆ ਹੈ ਸ਼ਾਇਦ ਹੀ ਕੋਈ ਹੋਰ ਕਰ ਸਕਦਾ ਹੋਵੇ।
ਗੁਰੁ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਤਾਂ ਇਹਨਾਂ ਨੇ ਕੇਵਲ ਇਹੀ ਦੱਸਿਆ ਹੈ ,ਉੱਚੀ ਜਗਾ ਪ੍ਰਕਾਸ਼, ਬਹੁਤ ਕੀਮਤੀ ਰੁਮਾਲੇ, ਖੁਸ਼ਬੂ ਦਾਰ ਸੁਗੰਧੀਆਂ, ਲੰਮੇ ਪੈ ਪੈ ਨਮਸ਼ਕਾਰਾਂ ,ਗੁਰੁ ਜੀ ਲਈ ਏ ਸੀ ਜਾਂ ਗਰਮ ਹੀਟਰ ,ਮੋਟੀਆਂ ਰਜਾਈਆਂ ,ਗਰਮੀ ਵਿੱਚ ਪਤਲੇ ਕਪੜੇ ,ਵੇਖੋ ਕਿੰਨਾਂ ਸਤਿਕਾਰ ਕਰਦੇ ਹਨ ਮਹਾਂਪੁਰਸ਼।ਸੈਂਟ ਆਦਿਕ ਗੁਰੁ ਗ੍ਰੰਥ ਸਹਿਬ ਜੀ ਦੇ ਪੰਨਿਆਂ ਲਈ ਲਾਭਦਾਇਕ ਨਹੀਂ ਹੈ ਇਸ ਵਿੱਚ ਰਸਾਇਣ ਵਗੈਰਾ ਜੋ ਵਰਤੇ ਜਾਂਦੇ ਹਨ ਉਹ ਕਾਗਜ਼ ਨੂੰ ਬਹੁਤ ਜਲਦੀ ਖਰਾਬ ਕਰਦੇ ਹਨ।ਮਨੁੱਖੀ ਸਿਹਤ ਲਈ ਵੀ ਨੁਕਸਾਨ ਦਾਇਕ ਹਨ।ਰੁਮਾਲੇ ਗੜੁੱਚ ਕੀਤੇ ਹੁੰਦੇ ਹਨ ਚੌਰ ਚਿਪ ਚਿਪ ਕਰਦੀ ਹੁੰਦੀ ਹੈ, ਪਰ ਸਤਿਕਾਰ ਦੇ ਨਾ ਤੇ ਇਹ ਸਾਰਾ ਕੁਝ ਹੋ ਰਿਹਾ ਹੈ ।ਗੁਰਬਾਣੀ ਸੋਨੇ ਦੀਆਂ ਪਾਲਕੀਆਂ ਵਿੱਚ ਰੱਖਣ ਕਰਕੇ ਉੱਚੀ ਨਹੀਂ ਹੈ ਗੁਰਬਾਣੀ ਤਾਂ ਅਸੂਲਾ ਸਿਧਾਂਤਾਂ ਕਰਕੇ ਹਮੇਸ਼ਾਂ ਹੀ ਉੱਚੀ ਹੈ ।ਮਾਂ ਬਾਪ ਇਕੱਲੇ ਕਪੜੇ ਜਾਂ ਖਾਣ ਪੀਣ ਤੇ ਹੀ ਖੁਸ਼ ਨਹੀਂ ਹੁੰਦੇ ਜੇ ਬਚਾ ਲਾਇਕ ਜਾਂ ਹੁਕਮ ਵਿੱਚ ਨਹੀ ਚਲਦਾ।ਮਾਂ ਬਾਪ ਦਾ ਸਿਰ ਤਾਂ ਉੱਚਾ ਉਂਦੋਂ ਆਪਣੇ ਆਪ ਹੋ ਜਾਂਦਾ ਹੈ ਜਦੋਂ ਭਲਾਈ ਕਰਦਾ ਕਰਦਾ ਲੋਕਾਂ ਨੂੰ ਵਾਹ ਵਾਹ ਕਰਨ ਲਾ ਦੇਵੇ।ਮਾਂ ਬਾਪ ਨੂੰ ਸਹੂਲਤਾਂ ਸਾਰੀਆਂ ਹੀ ਹੋਣ ਤੇ ਬੱਚੇ ਵਲੋਂ ਉਲਾਂਭੇ ਤੇ ਉਲਾਂਭਾ ਆਵੇ ਮਾਂ ਬਾਪ ਕਦੀ ਖੁਸ਼ ਨਹੀਂ ਹੋਣਗੇ।ਜੇ ਕਰਨੀ ਕਿਵੇਂ ਵੀ ਗੁਰਬਾਣੀ ਨਾਲ ਮੇਲ ਨਹੀਂ ਖਾਂਦੀ ਤਾਂ ਫਿਰ ਅਸੀਂ ਕੀ ਸਤਿਕਾਰ ਕੀਤਾ ਹੈ। ਸਤਿਗੁਰੂ ਜੀ ਦੀਆਂ ਸਿੱਖਿਆਂਵਾਂ ਤੋਂ ਡੋਲਣਾ ਨਾ ਕਿਸੇ ਵੀ ਕੀਮਤ ਤੇ ਪਿਛੇ ਨਾ ਹਟਣਾ ਇਹ ਸੀ ਅਸਲੀ ਸਤਿਕਾਰ। ਆਮ ਲੋਕਾਂ ਦੀ ਪਹੁੰਚ ਵਿੱਚ ਬਾਣੀ ਨਾ ਰਹਿਣ ਦਿਤੀ ਲੋਕ ਇੰਨੇ ਡਰਾ ਦਿਤੇ ਕਿ ਉਹ ਦੂਰੋਂ ਹੀ ਮੱਥਾ ਟੇਕਣਾ ਠੀਕ ਸਮਝਣ ਲਗ ਪਏ, ਮਤਾਂ ਕੋਈ ਗਲਤੀ ਹੀ ਹੋ ਜਾਏ ।ਗਲਤੀ ਤਾਂ ਕਿਤੇ ਵੀ ਨਹੀਂ ਸੀ ਕਰਨੀ ਕਾਰੋਬਾਰ ,ਘਰਬਾਰ ,ਸਮਾਜਿਕ ਰਹਿਤ ਵਿੱਚ ਕਿਤੇ ਵੀ ਨਹੀਂ ਸੀ ਗਲਤੀ ਕਰਨੀ ।ਇਹੋ ਜਿਹੀ ਜੀਵਨ ਜਾਚ ਤਾਂ ਹੀ ਬਣਨੀ ਸੀ ਜੇ ਗੁਰਬਾਣੀ ਸਮਝਦੇ ।ਫਿਰ ਪਤਾ ਲਗਣਾ ਸੀ ਗੁਰਬਾਣੀ ਦੇ ਅਸਲੀ ਸਤਿਕਾਰ ਦਾ, ਜਦੋਂ ਸਿੱਖ ਨੇ ਕੰਮ ਹੀ ਗੁਰਬਾਣੀ ਅਨੁਸਾਰ ਕਰਨੇ ਸੀ ।ਹੁਣ ਕੰਮਕਾਰ,ਰਹਿਣ ਸਹਿਣ ,ਸਮਾਜਿਕ,ਰਾਜਨੀਤਿਕ, ਧਾਰਮਿਕ ਰਹਿਣੀ ਚਾਲ ਚਲਣ ਗੁਰਬਾਣੀ ਅਨੁਸਾਰ ਨਹੀਂ ਕਰਦੇ, ਤੇ ਵੈਸੇ ਅਸੀਂ ਸਤਿਕਾਰ ਕਰਦੇ ਹਾਂ ,ਪਤਾ ਨਹੀਂ ਇਹ ਕਿਵੇਂ ਦਾ ਸਤਿਕਾਰ ਹੈ। ਅਉ ਦੇਖੀਏ ਗੁਰੁ ਹੁਕਮਾਂ ਨੂੰ:-
-- ਤੁਧਨੋ ਨਿਵਣੁ ਮੰਨਣੁ ਤੇਰਾ ਨਾਉ ॥ਸਾਚੁ ਭੇਟ ਬੈਸਣ ਕਉ ਥਾਉ ॥
ਸਤੁ ਸੰਤੋਖੁ ਹੋਵੈ ਅਰਦਾਸਿ ॥ਤਾ ਸੁਣਿ ਸਦਿ ਬਹਾਲੇ ਪਾਸਿ ॥ (ਪੰਨਾ 878)
--ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥

ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ॥

ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ॥(1429)
ਜੇਹੜਾ ਖਾਵੇਗਾ ਭੁਖ ਉਸੇ ਦੀ ਮਿਟਣੀ ਹੈ ਦੂਜੇ ਦੀ ਨਹੀਂ।ਇਹੋ ਜਿਹੇ ਸਿਰ ਨਿਵਾਉਣ ਦਾ ਕੀ ਲਾਭ ਲੰਮੇ ਪੈ ਪੈ ਕੇ ਕੀਤੀਆ ਨਮਸ਼ਕਾਰਾਂ ਦਾ ਕੀ ਲਾਭ ਜੇ ਹਿਰਦਾ ਹੀ ਉਲਟ ਹੈ।
--ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ ॥ - (ਪੰਨਾ470)
--ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ ॥ ਨਾਮ ਬਿਨਾ ਸਭਿ ਕੂੜੁ ਗਾਲੀਂ ਹੋਛੀਆ ॥ (ਪੰਨਾ 761)
ਹੇ ਭਾਈ! ਜੇਹੜੇ ਮਨੁੱਖ ਵੇਦ ਪੁਰਾਣ ਸਿੰਮ੍ਰਿਤੀਆਂ ਆਦਿਕ ਧਰਮ ਪੁਸਤਕਾਂ ਪੜ੍ਹ ਕੇ ਨਾਮ ਨੂੰ ਲਾਂਭੇ ਛੱਡ ਕੇ ਕਰਮ ਕਾਂਡ ਆਦਿਕ ਦਾ ਉਪਦੇਸ਼ ਉੱਚੀ ਉੱਚੀ ਸੁਣਾਂਦੇ ਹਨ, ਉਹ ਮਨੁੱਖ ਥੋਥੀਆਂ ਗੱਲਾਂ ਕਰਦੇ ਹਨ। ਪਰਮਾਤਮਾ ਦੇ ਨਾਮ ਤੋਂ ਬਿਨਾ ਝੂਠਾ ਪਰਚਾਰ ਹੀ ਇਹ ਸਾਰੇ ਲੋਕ ਕਰਦੇ ਹਨ ।
ਧਾਰਮਿਕ ਗ੍ਰੰਥਾਂ ਦੇ ਪਾਠ ਪਠਣ ਕਰਦਿਆਂ ਜੇ ਜੀਵਨ ਜਾਚ ਉਸ ਅਨੁਸਾਰ ਭਾਵ ਸੱਚ ਅਧਾਰਿਤ ਗੁਣਾਂ ਵਾਲੀ ਨਹੀ ਬਣੀ ਤਾਂ “ਸਭਿ ਕੂੜੁ ਗਾਲੀਂ ਹੋਛੀਆ” ਹੀ ਹਨ। (ਅੱਗੇ ਚਲਦਾ ਹੈ)

 Copyright © 2009 ggmc Ludhiana